Punjab Infoline

ਸੰਗਤਾਂ ਦੇ ਪੂਰਨ ਸਹਿਯੋਗ ਨਾਲ ਮਾਲਵੇ ਅੰਦਰ ਧਰਮ ਪ੍ਰਚਾਰ ਦੀ ਲਹਿਰ ਸਫਲਤਾ ਵੱਲ ਨੂੰ- ਗਿਆਨੀ ਹਰਪ੍ਰੀਤ ਸਿੰਘ ਜੀ

July 17, 2017
ਤਲਵੰਡੀ ਸਾਬੋ, 17 (ਗੁਰਜੰਟ ਸਿੰਘ ਨਥੇਹਾ)- ਤਖਤ ਸ੍ਰੀ ਦਮਦਮਾ ਸਾਹਿਬ ਤੋਂ ਸ਼ੁਰੂ ਕੀਤੀ ਧਰਮ ਪ੍ਰਚਾਰ ਲਹਿਰ ਨੂੰ ਅਸਰਦਾਰ ਤਰੀਕੇ ਨਾਲ ਲਗਾਤਾਰ ਸਫਲਤਾ ਪੂਰਵਕ ਚਲਾਉਣ ਲਈ, ਸਮੂਹ ਸੰਗਤਾਂ, ਗੁਰਦੁਆਰਾ ਸਾਹਿਬਾਨ ਦੇ ਗ੍ਰੰਥੀ ਸਿੰਘਾਂ ਤੇ ਪ੍ਰਬੰਧਕ ਕਮੇਟੀਆਂ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸਾਹਿਬਾਨ, ਹਲਕੇ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ, ਪ੍ਰਚਾਰਕਾਂ, ਢਾਡੀ ਸਿੰਘਾਂ, ਕਵੀਸ਼ਰੀ ਜਥਿਆਂ ਅਤੇ ਸਬ-ਦਫਤਰ ਧਰਮ ਪ੍ਰਚਾਰ ਕਮੇਟੀ ਦੇ ਸਮੁੱਚੇ ਸਟਾਫ ਦੇ ਯੋਗਦਾਨ ਦੇ ਸਦਕਾ ਮਾਲਵਾ ਖੇਤਰ 'ਚ ਲਹਿਰ ਪੂਰੀ ਤਰ੍ਹਾਂ ਕਾਮਯਾਬੀ ਵਾਲੇ ਪਾਸੇ ਜਾ ਰਹੀ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਤਖਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਧਰਮ ਪ੍ਰਚਾਰ ਲਹਿਰ ਬਾਰੇ ਜਾਣਕਾਰੀ ਦਿੰਦਿਆਂ ਕੀਤਾ।
ਉਹਨਾਂ ਦੱਸਿਆ ਕਿ ਇਸ ਲਹਿਰ ਤਹਿਤ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਸਾਹਿਬਾਨ ਗੁਰਦੁਆਰਾ ਸਾਹਿਬਾਨ ਵਿਚ ਸੰਗਤ ਨੂੰ ਕਥਾ ਵਿਚਾਰ ਰਾਹੀਂ ਗੁਰਮਤਿ ਤੋਂ ਜਾਣੂ ਕਰਵਾ ਰਹੇ। ਸੰਗਤਾਂ ਵਿਚ ਵੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਸਿੰਘ ਸਾਹਿਬ ਜੀ ਨੇ ਦੱਸਿਆ ਕਿ ਪ੍ਰਚਾਰਕ ਸਹਿਬਾਨ ਨੂੰ ਅਦੇਸ਼ ਦਿੱਤੇ ਗਏ ਹਨ ਕਿ ਗੁਰਮਤਿ ਪ੍ਰ੍ਰਚਾਰ ਦੇ ਨਾਲ ਨਾਲ ਪਿੰਡਾਂ ਤੇ ਸ਼ਹਿਰਾਂ ਵਿਚ ਬਣੇ ਗੁਰਦੁਆਰਾ ਸਾਹਿਬਾਨ ਵਿਚੋਂ ਇਹ ਵੇਰਵੇ ਪ੍ਰਾਪਤ ਕੀਤੇ ਜਾਣ ਕਿ ਉਸ ਗੁਰਦੁਆਰਾ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਿੰਨੇ ਸਰੂਪ ਹਨ, ਬਿਰਧ ਕਿੰਨੇ ਹਨ ਅਤੇ ਪ੍ਰਕਾਸ਼ ਕਿੰਨੇ ਸਰੂਪ ਕੀਤੇ ਜਾ ਸਕਦੇ ਹਨ। ਇਸ ਲਈ ਇਕ ਪ੍ਰੋਫਾਰਮਾ ਦਿੱਤਾ ਗਿਆ ਹੈ। ਜਿਸ ਨੂੰ ਭਰ ਕੇ ਸਾਰੇ ਵੇਰਵੇ ਤਿਆਰ ਕੀਤੇ ਜਾ ਰਹੇ ਹਨ। ਨਾਲ ਹੀ ਸਿੰਘ ਸਾਹਿਬ ਜੀ ਨੇ ਕਿਹਾ ਪ੍ਰਚਾਰਕਾਂ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਹੀ ਢੰਗ ਨਾਲ ਕੀਤੀ ਜਾ ਰਹੀ ਸੇਵਾ ਸੰਭਾਲ ਦੀ ਵੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਕਈ ਸਥਾਨਾਂ ਤੇ ਸੇਵਾ ਸੰਭਾਲ ਵਿਚ ਕਮੀਆਂ ਵੀ ਪਾਈਆਂ ਗਈਆਂ। ਜਿਸ ਦੀ ਮੌਕੇ 'ਤੇ ਕਾਰਵਾਈ ਵੀ ਕੀਤੀ ਜਾ ਰਹੀ ਹੈ।
ਸਿੰਘ ਸਾਹਿਬ ਜੀ ਨੇ ਅੱਗੇ ਦੱਸਿਆ ਕਿ ਜਿਸ ਜਗ੍ਹਾ 'ਤੇ ਸੇਵਾ ਸੰਭਾਲ ਵਿਚ ਕੋਈ ਕੁਤਾਹੀ ਸਾਹਮਣੇ ਆਉਂਦੀ ਹੈ ਉਸ ਸਥਾਨ ਦੇ ਗ੍ਰੰਥੀ ਸਿੰਘਾਂ ਦੇ ਨਾਲ-ਨਾਲ ਪਿੰਡਾਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਵੀ ਜਿੰਮੇਵਾਰੀ ਮੰਨੀ ਜਾਵੇਗੀ। ਉਹਨਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਹਦਾਇਤ ਦਿੱੱਤੀ ਕਿ ਉਹ ਸਮੇਂ ਸਮੇਂ 'ਤੇ ਆਪ ਵੀ ਸੇਵਾ ਸੰਭਾਲ ਦੇ ਜਾਇਜੇ ਲੈਣ ਤਾਂ ਕਿ ਕਿਸੇ ਕਿਸਮ ਦੀ ਕੋਈ ਬੇਅਦਬੀ ਦੀ ਘਟਨਾ ਨਾ ਵਾਪਰੇ। ਅੰਤ ਵਿੱਚ ਉਹਨਾਂ ਸਾਰੇ ਰਾਗੀ, ਢਾਡੀ, ਕਮੇਟੀ ਮੈਂਬਰਾਂ, ਪਿੰਡਾਂ ਦੀਆਂ ਕਮੇਟੀਆਂ, ਗ੍ਰੰਥੀ ਸਿੰਘਾਂ ਅਤੇ ਸੰਗਤਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਕਿ ਜੋ ਧਰਮ ਪ੍ਰਚਾਰ ਦੀ ਲਹਿਰ ਨੂੰ ਨੇਪਰੇ ਚਾੜ੍ਹਨ ਲਈ ਪੂਰਨ ਸਹਿਯੋਗ ਦੇ ਰਹੇ ਹਨ।

Back Home


Punjab Infoline For:
Laptop and PC
Site By:
Ludhiana Web Hosting