Punjab Infoline

ਮਨੁੱਖੀ ਜੀਵਨ ਖਾਤਰ ਜੰਗਲਾਂ ਨੂੰ ਬਚਾਉਣ ਦਾ ਹੋਕਾ

July 16, 2017
ਸੰਗਰੂਰ,16 ਜੁਲਾਈ (ਸਪਨਾ ਰਾਣੀ) ਇੱਥੋਂ ਨੇੜਲੇ ਪਿੰਡ ਬਡਰੁੱਖਾਂ ਵਿਚ ਮਾਤਾ ਰਾਜ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਵਣ ਮਹਾਂਉਤਸਵ ਮਨਾਇਆ ਗਿਆ। ਵਾਤਾਵਰਨ ਸਬੰਧੀ ਸਮਾਗਮ ਤੋਂ ਇਲਾਵਾ ਸਕੂਲ ਕੰਪਲੈਕਸ ਵਿਚ ਪੌਦੇ ਵੀ ਲਗਾਏ ਗਏ। ਸਮਾਗਮ ਨੂੰ ਸੰਬੋਧਨ ਕਰਦਿਆਂ ਸਕੂਲ ਪ੍ਰਿੰਸੀਪਲ ਡਾ. ਇਕਬਾਲ ਸਿੰਘ ਨੇ ਕਿਹਾ ਕਿ ਭਾਵੇਂ ਅੱਜ ਦੇ ਮਨੁੱਖ ਨੇ ਵਿਗਿਆਨ ਤੇ ਟੈਕਨਾਲੋਜੀ ਦੀ ਮਦਦ ਨਾਲ ਬਹੁਤ ਸਾਰੀਆਂ ਸੁੱਖ ਸਹੂਲਤਾਂ ਪ੍ਰਾਪਤ ਕਰ ਲਈਆਂ ਹਨ ਪਰੰਤੂ ਜਿਉਂ ਜਿਉਂ ਮਨੁੱਖ ਕੁਦਰਤ ਤੋਂ ਦੂਰ ਹੁੰਦਾ ਗਿਆ ਤਿਉਂ ਤਿਉਂ ਉਸ ਦੀਆਂ ਮੁਸ਼ਕਲਾਂ ਵਿਚ ਵੀ ਵਾਧਾ ਹੁੰਦਾ ਗਿਆ। ਮੁੱਢਲੇ ਮਨੁੱਖ ਨੇ ਜਿੱਥੇ ਰੁੱਖਾਂ ਤੋਂ ਛਾਂ, ਪੱਤੇ, ਫੁੱਲ, ਫ਼ਲ, ਆਕਸੀਜਨ, ਲੱਕੜੀ ਆਦਿ ਪ੍ਰਾਪਤ ਕੀਤੀ ਉਥੇ ਨਾਲ ਦੀ ਨਾਲ ਰੁੱਖਾਂ ਤੋਂ ਪ੍ਰਾਪਤ ਲੱਕੜੀ ਨੂੰ ਤਿੱਖੇ ਹਥਿਆਰਾਂ ਦੇ ਰੂਪ ਵਿਚ ਵਰਤ ਕੇ ਆਪਣੇ ਲਈ ਜੰਗਲੀ ਜਾਨਵਰਾਂ ਤੋਂ ਸੁਰੱਖਿਆ ਅਤੇ ਆਪਣੇ ਲਈ ਭੋਜਨ ਦਾ ਪ੍ਰਬੰਧ ਵੀ ਕੀਤਾ। ਹੌਲੀ ਹੌਲੀ ਮਨੁੱਖ ਨੇ ਰੁੱਖਾਂ ਦੀ ਕਟਾਈ ਇਸ ਢੰਗ ਨਾਲ ਕਰਨੀ ਸ਼ੁਰੂ ਕਰ ਦਿੱਤੀ ਕਿ ਵਾਤਾਵਰਨ ਦਾ ਸੰਤੁਲਨ ਹੀ ਵਿਗੜ ਗਿਆ। ਸਥਿਤੀ ਉਸ ਸਮੇਂ ਖ਼ਤਰਨਾਕ ਮੋੜ ’ਤੇ ਪਹੁੰਚ ਗਈ ਕਿ ਮਨੁੱਖੀ ਜੀਵਨ ਨੂੰ ਹੀ ਖ਼ਤਰਾ ਪੈਦਾ ਹੋ ਗਿਆ। ਜੇ ਅਸੀਂ ਆਪਣੇ ਭਵਿੱਖ ਨੂੰ ਬਿਹਤਰ ਬਣਾਉਣਾ ਹੈ ਤਾਂ ਸਾਨੂੰ ਸਾਰਿਆਂ ਨੂੰ ਸਾਂਝੇ ਉਪਰਾਲੇ ਕਰਨ ਦੀ ਲੋੜ ਹੈ। ਅਸੀਂ ਖ਼ਾਲੀ ਥਾਵਾਂ ’ਤੇ ਨਵੇਂ ਪੌਦੇ ਲਗਾ ਕੇ, ਤੇ ਉਨ੍ਹਾਂ ਦੀ ਸਾਂਭ ਸੰਭਾਲ ਕਰ ਕੇ ਪ੍ਰਵਾਨ ਚੜ੍ਹਾਉਣ ਦਾ ਦ੍ਰਿੜ ਨਿਸ਼ਚਾ ਕਰੀਏ ਤਾਂ ਜੋ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਸਾਫ਼ ਸੁਥਰਾ ਵਾਤਾਵਰਨ ਦੇ ਸਕੀਏ। ਇਸ ਮੌਕੇ ਡਾ. ਇਕਬਾਲ ਸਿੰਘ ਨੇ ਗਰੀਨ ਪੰਜਾਬ ਸੁਸਾਇਟੀ, ਸੰਗਰੂਰ ਦੇ ਪ੍ਰਧਾਨ ਪਾਲਾ ਮੱਲ ਸਿੰਗਲਾ ਅਤੇ ਸਰਪ੍ਰਸਤ ਗੁਰਪਾਲ ਸਿੰਘ ਗਿੱਲ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਜਿਨ੍ਹਾਂ ਨੇ ਆਪਣੀ ਸੁਸਾਇਟੀ ਵੱਲੋਂ ਇਕ ਸੌ ਪੌਦੇ ਸਕੂਲ ਨੂੰ ਦਾਨ ਵਜੋਂ ਭੇਟ ਕੀਤੇ। ਇਸ ਮੌਕੇ ਸਕੂਲ ਦੇ ਸੀਨੀਅਰ ਲੈਕਚਰਾਰ ਹਰਦੇਵ ਸਿੰਘ, ਕਰਿਸ਼ਨ ਸਿੰਘ, ਮੈਡਮ ਗੁਰਦੇਵ ਕੌਰ, ਮੈਡਮ ਕੰਵਲਜੀਤ ਕੌਰ, ਮੈਡਮ ਰਚਨਾ ਦੇਵੀ, ਮਾਧਵਿੰਦਰ ਸ਼ਰਮਾ ਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ।

Back Home


Punjab Infoline For:
Laptop and PC
Site By:
Ludhiana Web Hosting