Punjab Infoline

ਜਹਾਂਗੀਰ ਪੁਲ ਦਾ ਦੇ ਮਾਮਲੇ ਨੂੰ ਲੈ ਕੇ ਐਕਸ਼ਨ ਕਮੇਟੀ ਵੱਲੋਂ ਐਸ.ਡੀ.ਐਮ ਦਫ਼ਤਰ ’ਚ ਧਰਨਾ ਅੱਜ ਤੋਂ ਸੁਰੂ

July 16, 2017
ਧੂਰੀ,16 ਜੁਲਾਈ (ਮਹੇਸ਼ ਜਿੰਦਲ) ਜਹਾਂਗੀਰ ਪੁਲ ਦਾ ਰੁਕਿਆ ਹੋਇਆ ਨਿਰਮਾਣ ਕਾਰਜ ਸ਼ੁਰੂ ਕਰਵਾਉਣ ਅਤੇ ਪੁਲ ਬਣਾਏ ਜਾਣ ਤੱਕ ਆਰਜ਼ੀ ਪੁਲ ਦਾ ਪ੍ਰਬੰਧ ਕਰਨ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਨੇ 20 ਜੁਲਾਈ ਨੂੰ ਐਸ.ਡੀ.ਐਮ ਧੂਰੀ ਦੇ ਦਫ਼ਤਰ ਦਾ ਜਬਰਦਸਤ ਘਿਰਾਓ ਕਰਨ ਦਾ ਐਲਾਨ ਕੀਤਾ ਹੈ । ਉੱਧਰ ਵੱਖ-ਵੱਖ ਧਿਰਾਂ ’ਤੇ ਆਧਾਰਤ ਪੁਲ ਬਣਾਓ ਇਲਾਕਾ ਪੱਧਰੀ ਐਕਸ਼ਨ ਕਮੇਟੀ ਵੱਲੋਂ ਭਲਕੇ 17 ਜੁਲਾਈ ਤੋਂ ਐਸ.ਡੀ.ਐਮ ਧੂਰੀ ਦੇ ਦਫ਼ਤਰ ਅੰਦਰ ਪੱਕਾ ਧਰਨਾ ਲਾ ਕੇ ਭੁੱਖ ਹੜਤਾਲ ਸ਼ੁਰੂ ਕਰਨ ਦੀਆਂ ਤਿਆਰੀਆਂ ਨੂੰ ਅੰਤਿਕ ਛੋਹਾਂ ਦਿੱਤੀਆਂ ਜਾ ਰਹੀਆਂ ਹਨ । ਜ਼ਿਕਰਯੋਗ ਹੈ ਕਿ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਦੀਆਂ ਅਣਥੱਕ ਕੋਸ਼ਿਸ਼ਾਂ ਦੇ ਬਾਵਜੂਦ ਨਹਿਰ ਦੀ ਬੰਦੀ ਨਾ ਮਿਲਣ ਕਾਰਨ ਅਤੇ ਤਕਰੀਬਨ ਤਿੰਨ ਦਰਜਨ ਪਿੰਡਾਂ ਦੀ ਟਰੈਫਿਕ ਲਈ ਬਦਲਵੇਂ ਪ੍ਰਬੰਧਾਂ ਵਜੋਂ ਪੌਣੇ ਦੋ ਕਿਲੋਮੀਟਰ ਕੱਚੇ ਰਾਹ ਨੂੰ ਸੜਕ ਦਾ ਰੂਪ ਦੇਣ ਜਾਂ ‘ਬਰਿੱਕ ਵਰਕ’ ਦੀਆਂ ਦੋ ਵੱਖ-ਵੱਖ ਤਜਵੀਜ਼ਾਂ ’ਚੋਂ ਕਿਸੇ ਨੂੰ ਵੀ ਮਨਜ਼ੂਰੀ ਨਾ ਮਿਲਣ ਮਗਰੋਂ ਸਾਰੀਆਂ ਧਿਰਾਂ ਨੇ ਪ੍ਰਸ਼ਾਸਨ ’ਤੇ ਵਾਅਦਖ਼ਿਲਾਫ਼ੀ ਦੇ ਦੋਸ਼ ਲਾਉਂਦਿਆਂ ਆਪਣੇ ਤੇਵਰ ਤਿੱਖੇ ਕਰ ਲਏ ਹਨ। ਬੀਕੇਯੂ ਦੇ ਬਲਾਕ ਪ੍ਰਧਾਨ ਸ਼ਿਆਮ ਦਾਸ ਕਾਂਝਲੀ ਤੇ ਬਲਾਕ ਆਗੂ ਮਨਜੀਤ ਸਿੰਘ ਜਹਾਂਗੀਰ ਨੇ ਦੱਸਿਆ ਕਿ ਇਕ ਪਾਸੇ ਤਾਂ ਬਾਕਾਇਦਾ ਫੰਡ ਰਿਲੀਜ਼ ਹੋਣ ਦੇ ਬਾਵਜੂਦ ਪਿਛਲੇ ਲੰਬੇ ਸਮੇਂ ਤੋਂ ਸ਼ੇਰਪੁਰ-ਧੂਰੀ ਮੁੱਖ ਮਾਰਗ ਬਿਲਕੁਲ ਬੰਦ ਪਿਆ ਹੈ ਜਦੋਂਕਿ ਦੂਜੇ ਪਾਸੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਦੀ ਹੁੰਦੀ ਖੱਜਲ-ਖੁਆਰੀ ਨੂੰ ਮੂਕ ਦਰਸ਼ਕ ਬਣ ਕੇ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਧੂਰੀ ਤੱਕ ਪਹੁੰਚਣ ਲਈ ਸ਼ੇਰਪੁਰ ਦੇ ਦਰਜਨਾਂ ਪਿੰਡਾਂ ਵਿੱਚੋਂ ਵੱਖ-ਵੱਖ ਸਕੂਲਾਂ ਦੇ ਵੱਡੀ ਗਿਣਤੀ ਵਿਦਿਆਰਥੀ ਜਾਨ ਜੋਖ਼ਮ ਵਿੱਚ ਪਾ ਕੇ ਬੁਰੀ ਤਰ੍ਹਾਂ ਟੁੱਟੇ ਰਸਤਿਆਂ ਤੋਂ ਹੁੰਦੇ ਹੋਏ ਬਮਾਲ ਪੁਲ ਤੋਂ ਰੋਜ਼ਾਨਾ ਲੰਘਦੇ ਹਨ ਪਰ ਸਬੰਧਤ ਵਿਭਾਗ ਤੇ ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਬਦਲਵੇਂ ਪ੍ਰਬੰਧ ਕਰਨ ਲਈ ਕੋਈ ਠੋਸ ਕਦਮ ਨਹੀਂ ਉਠਾਏ ਜਾ ਰਹੇ। ਜਥੇਬੰਦੀ ਦੀ ਮੀਟਿੰਗ ਵਿੱਚ ਤਹਿ ਕੀਤਾ ਗਿਆ ਕਿ 19 ਜੁਲਾਈ ਨੂੰ ਪੁਲ ਦਾ ਸੰਤਾਪ ਹੰਢਾ ਰਹੇ ਸ਼ੇਰਪੁਰ ਦੇ ਪਿੰਡਾਂ ਵਿੱਚ ਲੋਕਾਂ ਤੱਕ ਪਹੁੰਚ ਕਰਕੇ ਵਿਸ਼ਾਲ ਲਾਮਬੰਦੀ ਕੀਤੀ ਜਾਵੇਗੀ ਅਤੇ 20 ਜੁਲਾਈ ਨੂੰ ਐਸ.ਡੀ.ਐਮ ਧੂਰੀ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਉੱਧਰ ਪੁਲ ਬਣਾਓ ਇਲਾਕਾ ਪੱਧਰੀ ਐਕਸ਼ਨ ਕਮੇਟੀ ਦੇ ਕਨਵੀਨਰ ਜਰਨੈਲ ਸਿੰਘ ਜਹਾਂਗੀਰ ਨੇ ਦੱਸਿਆ ਕਿ 17 ਜੁਲਾਈ ਤੋਂ ਐਸ.ਡੀ.ਐਮ ਦਫ਼ਤਰ ਧੂਰੀ ਵਿਖੇ ਪੱਕਾ ਧਰਨਾ ਲਾ ਕੇ ਭੁੱਖ ਹੜਤਾਲ ਸ਼ੁਰੂ ਕਰਨ ਦੀਆਂ ਤਿਆਰੀਆਂ ਮੁਕੰਮਲ ਹਨ,ਜਿਸ ਤਹਿਤ ਪਹਿਲੇ ਦਿਨ ਐਕਸ਼ਨ ਕਮੇਟੀ ਦੇ ਮੋਹਰੀ ਆਗੂ ਤੇ ਬਲਾਕ ਪੰਚਾਇਤ ਯੂਨੀਅਨ ਸ਼ੇਰਪੁਰ ਦੇ ਪ੍ਰਧਾਨ ਸਰਬਜੀਤ ਸਿੰਘ ਅਲਾਲ, ਕਿਸਾਨ ਆਗੂ ਸਮਸ਼ੇਰ ਸਿੰਘ ਜਹਾਂਗੀਰ ਅਤੇ ਸਾਬਕਾ ਸਰਪੰਚ ਗੁਰਜੰਟ ਸਿੰਘ ਚਾਂਗਲੀ ਭੁੱਖ ਹੜਤਾਲ ’ਤੇ ਡੱਟ ਜਾਣਗੇ। ਦੂਜੇ ਪਾਸੇ ਐਸ.ਡੀ.ਐਮ ਧੂਰੀ ਅਮਰੇਸ਼ਵਰ ਸਿੰਘ ਇਹ ਕਹਿ ਰਹੇ ਹਨ ਕਿ ਉਹ ‘ਬਰਿੱਕ ਵਰਕ’ ਵਾਲੀ ਤਜਵੀਜ਼ ਨੂੰ ਮਨਜ਼ੂਰ ਕਰਵਾਉਣ ਲਈ ਪੂਰੀ ਤਰ੍ਹਾਂ ਸੁਹਿਰਦ ਹਨ ।

Back Home


Punjab Infoline For:
Laptop and PC
Site By:
Ludhiana Web Hosting