Punjab Infoline

ਧਾਰਮਿਕ ਵਿਅਕਤੀਆਂ ਤੇ ਹਮਲੇ ਅਤਿ ਨਿੰਦਣਯੋਗ ਘਟਨਾਵਾਂ- ਬਾਬਾ ਬਲਬੀਰ ਸਿੰਘ ਮੁਖੀ ਬੁੱਢਾ ਦਲ, ਲੁਧਿਆਣਾ ਵਿੱਚ ਪਾਦਰੀ ਦੇ ਕਤਲ ਨੂੰ ਮੰਦਭਾਗਾ ਕਰਾਰ ਦਿੱਤਾ

July 16, 2017
ਤਲਵੰਡੀ ਸਾਬੋ, 16 ਜੁਲਾਈ (ਗੁਰਜੰਟ ਸਿੰਘ ਨਥੇਹਾ)- ਪੰਜਾਬ ਵਿੱਚ ਅਮਨ ਸ਼ਾਂਤੀ ਦਾ ਦੌਰ ਬੜੀ ਮੁਸ਼ਕਿਲ ਨਾਲ ਪਰਤਿਆ ਹੈ ਪ੍ਰੰਤੂ ਅਜੇ ਵੀ ਕੁੱਝ ਲੋਕਾਂ ਨੂੰ ਸੂਬੇ ਦੀ ਅਮਨ ਸ਼ਾਂਤੀ ਪਸੰਦ ਨਹੀਂ ਆ ਰਹੀ ਇਸ ਲਈ ਉਹ ਨਿੱਤ ਦਿਨ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ ਜਿਨਾਂ ਵਿੱਚੋਂ ਪੰਜਾਬ ਦੀ ਸ਼ਾਂਤ ਫਿਜਾ ਨੂੰ ਫਿਰ ਤੋਂ ਲਾਂਬੂ ਲਾਉਣ ਦੀਆਂ ਸਾਜਿਸ਼ਾਂ ਦੀ ਬੂਅ ਨਜਰ ਆਉਂਦੀ ਹੈ। ਲੁਧਿਆਣਾ ਵਿੱਚ ਇਸਾਈ ਧਰਮ ਦੇ ਧਾਰਮਿਕ ਆਗੂ ਇੱਕ ਪਾਦਰੀ ਨੂੰ ਗੋਲੀਆਂ ਮਾਰ ਕੇ ਮਾਰਨਾ ਵੀ ਅਜਿਹੀਆਂ ਘਟਨਾਵਾਂ ਦਾ ਹਿੱਸਾ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ (96ਵੇਂ ਕ੍ਰੋੜੀ ) ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨੇ ਬੁੱਢਾ ਦਲ ਮੁੱਖ ਅਸਥਾਨ ਗੁਰਦੁਆਰਾ ਬੇਰ ਸਾਹਿਬ ਦੇਗਸਰ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।
ਉਨਾਂ ਕਿਹਾ ਕਿ ਬੀਤੀ ਰਾਤ ਲੁਧਿਆਣਾ ਵਿਖੇ ਚਰਚ ਦੇ ਬਾਹਰ ਫੋਨ 'ਤੇ ਗੱਲ ਕਰ ਰਹੇ ਸੁਰਜੀਤ ਮਸੀਹ ਨਾਮੀ ਪਾਦਰੀ ਦਾ ਕਤਲ ਨਿੰਦਣਯੋਗ ਘਟਨਾ ਹੈ। ਉਨਾਂ ਕਿਹਾ ਕਿ ਧਾਰਮਿਕ ਵਿਅਕਤੀਆਂ 'ਤੇ ਅਜਿਹੇ ਹਮਲੇ ਮਾੜੀਆਂ ਘਟਨਾਵਾਂ ਹਨ ਜੋ ਸੂਬੇ ਦੇ ਸ਼ਾਂਤ ਮਾਹੌਲ ਨੂੰ ਭੰਗ ਕਰਨ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਹੋ ਸਕਦੀਆਂ ਹਨ। ਬੁੱਢਾ ਦਲ ਮੁਖੀ ਨੇ ਇਸ ਤੋਂ ਪਹਿਲਾਂ ਫਤਹਿਗੜ੍ਹ ਸਾਹਿਬ ਦੇ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਦੇ ਵਿੱਚ ਨਿਹੰਗ ਸਿੰਘ ਪਿਆਰਾ ਸਿੰਘ ਨੂੰ ਬੜੀ ਬੇਰਹਿਮੀ ਨਾਲ ਕਤਲ ਕਰਨ ਦੀ ਘਟਨਾ ਦੀ ਵੀ ਜੋਰਦਾਰ ਨਿਖੇਧੀ ਕਰਦਿਆਂ ਕਿਹਾ ਕਿ ਕਿਸੇ ਵੀ ਧਰਮ ਦੇ ਧਾਰਮਿਕ ਵਿਅਕਤੀ 'ਤੇ ਹਮਲਾ ਹੋਣਾ ਅਤਿ ਮੰਦਭਾਗਾ ਹੈ ਤੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਠੋਸ ਕਦਮ ਚੁੱਕੇ ਜਾਣ ਦੀ ਜਰੂਰਤ ਹੈ ਤਾਂ ਕਿ ਸੂਬੇ ਦੀ ਅਮਨ ਸ਼ਾਂਤੀ ਬਰਕਰਾਰ ਰੱਖੀ ਜਾ ਸਕੇ।
ਇਸ ਮੌਕੇ ਬੁੱਢਾ ਦਲ ਮੁਖੀ ਨਾਲ ਗੁਰਦੁਆਰਾ ਬੇਰ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਅਰਜੁਨਦੇਵ ਸਿੰਘ ਸ਼ਿਵਜੀ, ਬਾਬਾ ਜੱਸਾ ਸਿੰਘ ਪੀ. ਏ., ਭਾਈ ਮੇਜਰ ਸਿੰਘ ਮੁਖਤਿਆਰ ਏ ਆਮ, ਭਾਈ ਸੁਖਮੰਦਰ ਸਿੰਘ ਮੋਰ, ਭਾਈ ਰਣਯੋਧ ਸਿੰਘ, ਭਾਈ ਹਰਪ੍ਰੀਤ ਸਿੰਘ, ਭਾਈ ਬਲਦੇਵ ਸਿੰਘ ਢੋਡੀਵਿੰਡੀਆ, ਭਾਈ ਸਰਵਣ ਸਿੰਘ ਮਝੈਲ, ਭਾਈ ਪਿਆਰਾ ਸਿੰਘ, ਭਾਈ ਜੋਗਾ ਸਿੰਘ ਆਦਿ ਗੁਰੂ ਕੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਹਾਜ਼ਰ ਸਨ।

Back Home


Punjab Infoline For:
Laptop and PC
Site By:
Ludhiana Web Hosting