Punjab Infoline

ਪਿੰਡ ਸੁਖਚੈਨ ਵਿਖੇ ਦਸਤਾਰ ਸਿਖਲਾਈ ਕੈਂਪ ਸ਼ੁਰੂ, ਨੌਜਵਾਨਾਂ ਦਾ ਦਸਤਾਰ ਪ੍ਰਤੀ ਪ੍ਰੇਮ ਪੈਦਾ ਹੋਣਾ ਸੁਨਹਿਰੇ ਭਵਿੱਖ ਦੀ ਨਿਸ਼ਾਨੀ: ਭਾਈ ਗੁਰਮੀਤ ਸਿੰਘ/ਭਾਈ ਬਿੰਦਰ ਸਿੰਘ

July 15, 2017
ਤਲਵੰਡੀ ਸਾਬੋ, 15 ਜੁਲਾਈ (ਗੁਰਜੰਟ ਸਿੰਘ ਨਥੇਹਾ)- ਖੇਤਰ ਦੇ ਪਿੰਡ ਸੁਖਚੈਨ ਦੇ ਗੁਰਦੁਆਰਾ ਸੰਗਤਸਰ ਸਾਹਿਬ ਵਿਖੇ ਦਸਤਾਰ ਸਿਖਲਾਈ ਕੈਂਪ ਦੀ ਅਰੰਭਤਾ ਹੋ ਚੁੱਕੀ ਹੈ। ਇਹ ਕੈਂਪ ਦਸਤਾਰ ਕੋਚ ਭਾਈ ਗੁਰਮੀਤ ਸਿੰਘ ਖਾਲਸਾ ਅਤੇ ਭਾਈ ਬਿੰਦਰ ਸਿੰਘ ਖਾਲਸਾ ਵੱਲੋਂ ਸਿੱਖੀ ਪ੍ਰਚਾਰ ਦੇ ਉਪਰਾਲੇ ਤਹਿਤ ਲਾਇਆ ਗਿਆ ਹੈ।
ਇਸ ਕੈਂਪ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਜਗਰੂਪ ਸਿੰਘ ਖਾਲਸਾ ਨੇ ਕਿਹਾ ਕਿ ਨਗਰ ਦੇ ਨੌਜਵਾਨਾਂ ਵੱਲੋਂ ਦਸਤਾਰਾਂ ਸਜਾਉਣੀਆਂ, ਸਿੱਖਣ ਦੀ ਇੱਛਾ ਜ਼ਾਹਰ ਕਰਦਿਆਂ ਦਸਤਾਰ ਸਿਖਲਾਈ ਕੈਂਪ ਲਗਵਾਉਣ ਦੀ ਮੰਗ ਕੀਤੀ ਗਈ ਸੀ ਜਿਸ ਲਈ ਇਸ ਦਸਤਾਰ ਸਿਖਲਾਈ ਕੈਂਪ ਦਾ ਅਯੋਜਨ ਕੀਤਾ ਗਿਆ। ਇਸ ਮੌਕੇ ਗੱਲ-ਬਾਤ ਕਰਦਿਆਂ ਭਾਈ ਗੁਰਮੀਤ ਸਿੰਘ ਅਤੇ ਭਾਈ ਬਿੰਦਰ ਸਿੰਘ ਨੇ ਕਿਹਾ ਕਿ ਇਸ 6 ਦਿਨਾਂ ਦਸਤਾਰ ਸਿਖਲਾਈ ਕੈਂਪ ਵਿੱਚ ਨੌਜਵਾਨ ਭਾਰੀ ਉਤਸ਼ਾਹ ਦੇ ਨਾਲ ਦਸਤਾਰਾਂ ਸਜਾਉਣੀਆਂ ਸਿੱਖ ਰਹੇ ਹਨ ਜੋ ਕਿ ਸੁਨਹਿਰੇ ਭਵਿੱਖ ਦੀ ਨਿਸ਼ਾਨੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦਾ ਆਪਣੇ ਵਿਰਸੇ ਪ੍ਰਤੀ ਪ੍ਰੇਮ ਪੈਦਾ ਹੋਣਾ ਚੰਗੀ ਗੱਲ ਹੈ।
ਉਨ੍ਹਾਂ ਕਿਹਾ ਕਿ ਅਸੀਂ ਇਸ ਉਮੀਦ ਨਾਲ ਦਸਤਾਰ ਸਿਖਲਾਈ ਦੀ ਸੇਵਾ ਕਰ ਰਹੇ ਹਾਂ ਕਿ ਜਿਹੜੇ ਨੌਜਵਾਨ ਦਸਤਾਰਾਂ ਸਜਾਉਣੀਆਂ ਸਿੱਖ ਰਹੇ ਹਨ ਉਹ ਜਲਦ ਹੀ ਆਪਣੇ ਮਾਣ-ਮੱਤੇ ਇਤਿਹਾਸ ਤੋਂ ਸੇਧ ਲੈ ਕੇ ਸਾਬਤ ਸੂਰਤ ਹੋ ਕੇ ਸਿੰਘ ਸਜ ਜਾਣਗੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਸਿੱਖੀ ਵੱਲ ਪ੍ਰੇਰਿਤ ਹੋਣ ਲਈ ਪਹਿਲਾ ਕਦਮ ਨੌਜਵਾਨਾਂ ਵੱਲੋਂ ਸਿਰਾਂ 'ਤੇ ਦਸਤਾਰ ਸਜਾ ਲੈਣਾ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਇਸ ਕੈਂਪ ਦੀ ਸਮਾਪਤੀ ਮੌਕੇ ਦਸਤਾਰ ਮੁਕਾਬਲਾ ਵੀ ਕਰਵਾਇਆ ਜਾਵੇਗਾ ਅਤੇ ਨੌਜਵਾਨਾਂ ਨੂੰ ਧਾਰਮਿਕ ਲਿਟਰੇਚਰ ਵੀ ਵੰਡਿਆ ਜਾਵੇਗਾ।

Back Home


Punjab Infoline For:
Laptop and PC
Site By:
Ludhiana Web Hosting